Friday, February 11, 2011

ਜਦੋਂ ਗੈਰਾਂ ਨੇ ਠੁਕਰਾਇਆ ਤਾਂ ਮੇਰੀ ਯਾਦ ਆਏਗੀ
ਕੋਈ ਜਦ ਰਾਸ ਨਾ ਆਇਆ ਤਾਂ ਮੇਰੀ ਯਾਦ ਆਏਗੀ
ਤੇਰੇ ਜੋਬਨ ਦਾ ਫੁਲ ਕੁਮਕਾਉਣ ‘ਤੇ ਉਡ ਜਾਣਗੇ ਭੌਰੇ
ਖਿਜਾਂ ਦਾ ਦੌਰ ਜਦ ਆਇਆ ਤਾਂ ਮੇਰੀ ਯਾਦ ਆਏਗੀ
ਹਨ੍ਹੇਰੀ ਰਾਤ ਵਿਚ ਬਹਿ ਕੇ ਭਰੋਗੇ ਸਿਸਕੀਆਂ ਤਨਹਾ
ਦਗਾ ਜਦ ਦੇ ਗਿਆ ਸਾਇਆ ਤਾਂ ਮੇਰੀ ਯਾਦ ਆਏਗੀ
ਜਲੇਗਾ ਦਿਲ ਤੇਰਾ ਬਿਰਹੋਂ ਦੀ ਅੱਗ ਵਿਚ ਚਾਨਣੀ ਰਾਤੇ
ਗਮਾਂ ਦਾ ਸੇਕ ਜਦ ਆਇਆ ਤਾਂ ਮੇਰੀ ਯਾਦ ਆਏਗੀ
ਘਰੋਂ ਕਢਦੇ ਹੋ ਰੋਂਦੇ ਨੂੰ ਕਿਸੇ ਦਿਨ ਖੁਦ ਵੀ ਰੋਵੋਗੇ
ਜਦੋਂ ਮੁੜ ਕੇ ਨਾ ਮੈਂ ਆਇਆਂ ਤਾਂ ਮੇਰੀ ਯਾਦ ਆਏਗੀ
ਦਿਲਾਸਾ ਕੌਣ ਦੇਵੇਗਾ ਕਰੇਗਾ ਦਿਲਬਰੀ ਕਿਹੜਾ
ਕਿਸੇ ਨੇ ਗਲ਼ ਨਾ ਜਦ ਲਾਇਆ ਤਾਂ ਮੇਰੀ ਯਾਦ ਆਏਗੀ
ਮੁਸੀਬਤ ਪੈਣ ਤੇ ਛਡ ਜਾਣਗੇ ਇਹ ਮਤਲਬੀ ਤੈਨੂੰ
ਜਦੋਂ ਗ਼ੈਰਾਂ ਨੂੰ ਅਜ਼ਮਾਇਆ ਤਾਂ ਮੇਰੀ ਯਾਦ ਆਏਗੀ
ਗਮਾਂ ਦੀ ਰਾਤ ਵਿਚ ਰੋ ਰੋ ਕੇ ਕਰੋਗੇ ਯਾਦ ‘ਉਲਫਤ’ ਨੂੰ
ਜਦੋਂ ਬਿਰਹੋਂ ਨੇ ਤੜਪਾਇਆ ਤਾਂ ਮੇਰੀ ਯਾਦ ਆਏਗੀ
ਇਹ ਛੱਲਾ ਪਿਆਰ ਦਾ ਲੈ ਜਾ ਇਹ ‘ਉਲਫਤ’ ਦੀ ਨਿਸ਼ਾਨੀ ਹੈ
ਜਦੋਂ ਉਂਗਲੀ ‘ਚ ਤੂੰ ਪਾਇਆ ਤਾਂ ਮੇਰੀ ਯਾਦ ਆਏਗੀ

No comments:

Post a Comment