Friday, February 11, 2011

ਐ ਮੇਰੀ ਦੋਸਤ
ਤੂੰ ਗੁੱਸੇ ਨਾ ਹੋਵੀਂ
ਕਿ ਹੁਣ ਤੱਕ
ਖਤ ਨਹੀਂ ਪਾਇਆ,
ਤੈਨੂੰ ਤਾਂ ਪਤਾ ਨਾ
ਮੈਂ ਸੰਬੋਧਨੀ ਸ਼ਬਦ
ਬਿਨਾ ਕਦੇ
ਖਤ ਨਹੀਂ ਲਿਖਿਆ,
ਮੈਂ ਹੁਣ ਤੱਕ
ਇਹੀ ਸੋਚਦਾ ਰਿਹਾਂ
ਤੇਰੇ ਲਈ
ਕਿਹੜਾ ਸੰਬੋਧਨ ਲਿਖਾਂ
ਖਤ ਨੂੰ ਕਿਵੇਂ ਸ਼ੁਰੂ ਕਰਾਂ?
ਪਹਿਲਾਂ "ਰੰਮੀ" ਲਿਖਿਆ
ਫੇਰ ਆਪ ਹੀ ਕੱਟ ਦਿੱਤਾ,
ਇਹ ਤਾਂ
ਉਹਨਾਂ ਦਿਨਾਂ ਦਾ ਨਾਮ ਹੈ,
ਜਦੋਂ ਆਪਾਂ
ਸਾਰੀ ਦੁਨੀਆਂ ਤੋਂ ਚੋਰੀ
ਕੁਝ ਕੁ ਪਲਾਂ ਵਿਚ
ਕਈ ਕਈ ਵਰ੍ਹੇ
ਜਿਉਂ ਲੈਂਦੇ ਸੀ,
ਜਦੋਂ ਤੇਰੇ ਖੁੱਲ੍ਹੇ ਕੇਸਾਂ ਦੇ ਨਾਲ ਹੀ
ਮੇਰੇ ਲਈ ਸੂਰਜ
ਚੜ੍ਹਦਾ ਤੇ ਛਿਪਦਾ ਸੀ,
ਜਦੋਂ ਕਾਇਨਾਤ ਦੇ ਸਾਰੇ ਰੰਗ
ਘੁਲੇ ਹੁੰਦੇ ਸਨ
ਤੇਰੀ ਮੁਸਕਰਾਹਟ ਵਿਚ,
ਜਦੋਂ ਬਹਾਰਾਂ ਦਾ ਪਤਾ
ਪੁੱਛਦੀਆਂ ਸਨ ਪੌਣਾਂ ਤੇਰੇ ਕੋਲੋਂ,
ਜਦੋਂ ਫੁੱਲ ਤੇ ਖੁਸ਼ਬੂ ਨੂੰ
ਰਸ਼ਕ ਹੁੰਦਾ ਸੀ
ਸਾਡੀ ਗੂੜ੍ਹੀ ਸਾਂਝ ਉਤੇ,
ਤੇ ਲੰਮੇ ਸਫ਼ਰ ਬਾਦ
ਵਕਤ ਬੜਾ ਬਦਲ ਗਿਆ
ਹੁਣ ਤਾਂ ਕਈ ਕਈ ਵਰ੍ਹਿਆਂ 'ਚ
ਕੋਈ ਇਕ ਪਲ ਵੀ ਚੋਰੀ
ਕਰਨ ਦਾ ਮੌਕਾ ਨਈਂ ਮਿਲਦਾ,
ਅਚਾਨਕ ਕਿਸੇ ਮੋੜ ’ਤੇ
ਮਿਲੀਏ ਤਾਂ
ਬੇਗਾਨੀ ਜਿਹੀ ਨਜ਼ਰ ਨਾਲ ਤਕ
ਮਨੇ-ਮਨ ਮੁਸਕਰਾ ਹੀ,
ਖੁਸ਼ ਹੋਣਾਂ ਪੈਂਦਾ,
ਬੜਾ ਸੋਚ ਸੋਚ ਕੇ
ਮੈਂ "ਰੰਮੀ" ਹੀ ਲਿਖ ਦਿੱਤਾ,
ਸੱਚ ਤਾਂ ਇਹੋ ਹੈ ਨਾ,
ਭਾਵੇਂ ਤੂੰ ਸਮਝਾਇਆ ਸੀ
ਹੁਣ ਨੀਂ ਨਿਭਣਾ ਇਹ ਰਿਸ਼ਤਾ
ਨਾਮ ਬਦਲ ਲੈ ਇਸਦਾ
ਮੈਂ ਵੀ ਲੱਖ ਚਾਹਿਆ ਪਰ
ਮਹਿਬੂਬ ਨੂੰ ਦੋਸਤ ’ਚ
ਬਦਲਣਾਂ ਮੇਰੇ ਵੱਸ ਨਹੀਂ
ਬੱਸ ਏਨਾਂ ਹੀਂ,
ਹੋਰ ਕੁਝ ਨਹੀਂ ਮੇਰੇ ਕੋਲ
ਲਿਖਣ ਵਾਸਤੇ,
ਤੇਰੀਆਂ ਯਾਦਾਂ ਨਾਲ
ਜਿਉਣ ਦੀ ਆਸ ਵਿਚ
ਚੰਗਾ ’ਮੇਰੇ ਸਭ ਕੁਝ’

No comments:

Post a Comment