Thursday, February 10, 2011

ਓ ਖੁਸ਼ਦਿਲ ਸੋਹਣੀਓ ਰੂਹੋ,
ਰੁਮਝੁਮ ਰੁਮਕਦੇ ਖੂਹੋ,
ਮੇਰੇ ਪਿੰਡ ਦੀਉ ਜੂਹੋ,
ਤੁਸੀਂ ਹਰਗਿਜ਼ ਨਾ ਕੁਮਲਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ…
ਨੀ ਕਿੱਕਰੋ ਟਾਹਲੀਉ ਡੇਕੋ,
ਨੀ ਨਿੰਮੋ, ਸਾਫ਼ਦਿਲ ਨੇਕੋ,
‘ਤੇ ਪਿੱਪਲ਼ੋ, ਬਾਬਿਉ ਵੇਖੋ,
ਤੁਸੀਂ ਧੋਖਾ ਨਾ ਦੇ ਜਾਇਉ,
ਮੈਂ ਛਾਵੇਂ ਬਹਿਣ ਆਉਣਾ ਹੈ
ਮੈਂ ਇੱਕ ਦਿਨ ਫੇਰ ਆਉਣਾ ਹੈ…
ਇਹਨਾਂ ਹਾੜਾਂ ‘ਤੇ ਚੇਤਾਂ ਨੂੰ,
ਲੁਕੇ ਕੁਦਰਤ ਦੇ ਭੇਤਾਂ ਨੂੰ
ਇਹਨਾਂ ਰਮਣੀਕ ਖੇਤਾਂ ਨੂੰ
ਮੇਰਾ ਪ੍ਰਣਾਮ ਪਹੁੰਚਾਇਉ
ਮੈਂ ਇੱਕ ਦਿਨ ਫੇਰ ਆਉਣਾ ਹੈ…
ਜੋ ਚੱਕ ਘੁੰਮੇ ਘੁਮਾਰਾਂ ਦਾ,
ਤਪੇ ਲੋਹਾ ਲੁਹਾਰਾਂ ਦਾ,
ਮੇਰਾ ਸੰਦੇਸ਼ ਪਿਆਰਾਂ ਦਾ,
ਉਹਨਾਂ ਤੀਕਰ ਵੀ ਪਹੁੰਚਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ…
ਕਿਸੇ ਵੰਝਲੀ ਦਿਉ ਛੇਕੋ,
ਮੇਰੇ ਮਿਰਜ਼ੇ ਦੀਉ ਹੇਕੋ,
ਮੇਰੇ ਸੀਨੇ ਦਿਉ ਸੇਕੋ,
ਕਿਤੇ ਮੱਠੇ ਨਾ ਪੈ ਜਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ…
ਇਹਨਾਂ ਦੋ-ਚਾਰ ਸਾਲਾਂ ਵਿੱਚ,
ਕਿ ਬੱਸ ਆਉਂਦੇ ਸਿਆਲ਼ਾਂ ਵਿੱਚ,
ਕਿ ਜਾਂ ਸ਼ਾਇਦ ਖਿਆਲਾਂ ਵਿੱਚ,
ਤੁਸੀਂ ਦਿਲ ਤੋਂ ਨਾ ਵਿਸਰਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
ਸਮੁੰਦਰ ਭਾਫ ਬਣ ਉੱਡਦਾ,
ਬਰਫ਼ ਬਣ ਪਰਬਤੀਂ ਚੜ੍ਹਦਾ,
ਇਹ ਨਦੀਆਂ ਬਣ ਕੇ ਫਿਰ ਮੁੜਦਾ,
ਮੇਰਾ ਇਕਰਾਰ ਪਰਤਾਇਉ,
ਮੈਂ ਇੱਕ ਦਿਨ ਫੇਰ ਆਉਣਾ ਹੈ
Writer : Surjeet Patar

No comments:

Post a Comment